ਨੰਨ੍ਹਾ ਬੱਚਾ ਬੜਾ ਕੋਮਲ ਹੁੰਦਾ ਹੈ। ਜ਼ਰਾ ਜਿੰਨੀ ਲਾਪਰਵਾਹੀ ਉਸ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਕਲਾ 'ਚ ਨਿਪੁੰਨ ਹੋਣ ਲਈ ਹੇਠ ਲਿਖੀਆਂ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ।
* ਬੱਚੇ ਨੂੰ ਨੁਹਾਉਣ ਸਮੇਂ ਤੁਹਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਪਾਣੀ ਤੋਂ ਡਰਨ ਦੀ ਬਜਾਏ ਇਸ਼ਨਾਨ 'ਚ ਆਨੰਦ ਅਤੇ ਪ੍ਰਸੰਨਤਾ ਮਹਿਸੂਸ ਕਰੇ। ਬੱਚੇ ਨੂੰ ਟੱਬ 'ਚ ਬਿਠਾ ਕੇ ਨੁਹਾਓ। ਪਾਣੀ ਨਾਲ ਕਲੋਲ ਕਰਨ 'ਚ ਉਨ੍ਹਾਂ ਨੂੰ ਆਨੰਦ ਆਉਂਦਾ ਹੈ, ਜਿਸ ਨੂੰ ਉਹ ਆਪਣੀਆਂ ਕਿਲਕਾਰੀਆਂ ਰਾਹੀਂ ਪ੍ਰਗਟ ਕਰਦੇ ਹਨ। ਇਸ ਦੇ ਇਸ ਆਨੰਦ 'ਚ ਤੁਸੀਂ ਵੀ ਸ਼ਾਮਿਲ ਹੋਵੋ ਅਤੇ ਆਪਣਾ ਤੇ ਆਪਣੇ ਬੱਚੇ ਦਾ ਆਨੰਦ ਵਧਾਓ।
* ਬੱਚੇ ਨੂੰ ਨੁਹਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਾ ਜ਼ਰੂਰੀ ਸਾਮਾਨ ਆਪਣੇ ਕੋਲ ਪਹਿਲਾਂ ਹੀ ਰੱਖ ਲਓ ਤਾਂ ਕਿ ਤੁਹਾਨੂੰ ਵਿਚੋਂ ਨਾ ਉੱਠਣਾ ਪਏ।
* ਬੱਚੇ ਨੂੰ ਉਦੋਂ ਹੀ ਨੁਹਾਓ, ਜਦੋਂ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੋਵੇ। ਕਾਹਲ 'ਚ ਨੁਹਾਉਣ ਨਾਲ ਬੱਚਾ ਪਾਣੀ ਤੋਂ ਡਰ ਸਕਦਾ ਹੈ।
* ਨੁਹਾਉਣ ਤੋਂ ਪਹਿਲਾਂ ਬੱਚੇ ਦੇ ਸਰੀਰ ਦੀ ਤੇਲ ਨਾਲ ਮਾਲਿਸ਼ ਕਰੋ, ਮਾਲਿਸ਼ ਕਰਦਿਆਂ ਸਾਵਧਾਨੀ ਵਰਤੋ ਕਿ ਹੱਥ ਪੋਲਾ-ਪੋਲਾ ਹੀ ਚੱਲੇ ਅਤੇ ਬੱਚੇ ਦੇ ਨਾਜ਼ੁਕ ਅੰਗਾਂ ਨੂੰ ਕੋਈ ਝਟਕਾ ਨਾ ਲੱਗੇ।
* ਮਾਲਿਸ਼ ਦੇ ਕੁਝ ਦੇਰ ਪਿੱਛੋਂ ਹੀ ਨੁਹਾਉਣਾ ਠੀਕ ਰਹੇਗਾ। ਸਰਦੀ 'ਚ ਬੱਚਿਆਂ ਨੂੰ ਧੁੱਪ-ਇਸ਼ਨਾਨ ਦੇਣ ਪਿੱਛੋਂ ਨੁਹਾਉਣਾ ਚਾਹੀਦੈ। ਮਾਲਿਸ਼ ਪਿੱਛੋਂ ਨੁਹਾਉਣ ਨਾਲ ਬੱਚੇ ਦੀ ਚਮੜੀ ਸਿਹਤਮੰਦ ਹੁੰਦੀ ਹੈ। ਬੱਚੇ ਦੀਆਂ ਮਾਸਪੇਸ਼ੀਆਂ ਨੂੰ ਕਸਰਤ ਅਤੇ ਵਿਸ਼ਰਾਮ ਮਿਲਦਾ ਹੈ ਅਤੇ ਬੱਚਾ ਤਣਾਅ-ਥਕਾਵਟ ਮੁਕਤ ਹੋ ਕੇ ਆਰਾਮ ਦੀ ਨੀਂਦ ਸੌਂਦਾ ਹੈ।
* ਨੁਹਾਉਣ ਸਮੇਂ ਤੁਹਾਡੇ ਹੱਥ ਬਿਲਕੁਲ ਸਾਫ ਹੋਣ, ਨਹੁੰ ਕੱਟੇ ਹੋਏ ਹੋਣ। ਜੇ ਤੁਸੀਂ ਚੁਭਣ ਵਾਲੀ ਚੂੜੀ, ਘੜੀ ਜਾਂ ਅੰਗੂਠੀ ਪਹਿਨੀ ਹੈ ਤਾਂ ਉਸ ਨੂੰ ਉਤਾਰ ਦਿਓ।
* ਬੱਚੇ ਨੂੰ ਨਾ ਤਾਂ ਦੁੱਧ ਪਿਆਉਣ ਦੇ ਝੱਟਪਟ ਪਿੱਛੋਂ ਨੁਹਾਓ ਅਤੇ ਨਾ ਹੀ ਜਦੋਂ ਉਹ ਬਹੁਤ ਭੁੱਖਾ ਹੋਵੇ ਜਾਂ ਕਿਸੇ ਕਾਰਨ ਕਰਕੇ ਰੋ ਰਿਹਾ ਹੋਵੇ। ਇਸ਼ਨਾਨ ਪਿੱਛੋਂ ਉਸ ਨੂੰ ਚੰਗੀ ਤਰ੍ਹਾਂ ਪੂੰਝ ਕੇ ਮੌਸਮ ਅਨੁਸਾਰ ਕੱਪੜੇ ਪਹਿਨ ਕੇ ਦੁੱਧ ਦਿਓ ਤਾਂ ਕਿ ਪੇਟ ਭਰ ਜਾਣ ਪਿੱਛੋਂ ਤਾਜ਼ਗੀ ਅਤੇ ਪ੍ਰਫੁੱਲਤਾ ਨਾਲ ਸ਼ਾਂਤੀ ਅਤੇ ਆਰਾਮ ਨਾਲ ਦੇਰ ਤਕ ਸੁੱਤਾ ਰਹੇ।
* ਇਸ ਤਰ੍ਹਾਂ ਤੁਹਾਡੀ ਥੋੜ੍ਹੀ ਜਿਹੀ ਸਾਵਧਾਨੀ ਅਤੇ ਸੂਝ-ਬੂਝ ਬੱਚਿਆਂ ਨੂੰ ਤੰਦਰੁਸਤ ਅਤੇ ਪ੍ਰਸੰਨਚਿੱਤ ਰੱਖਣ 'ਚ ਸਹਾਇਕ ਹੋਵੇਗੀ ਅਤੇ ਤੁਸੀਂ ਵੀ ਆਪਣੇ ਸਾਫ-ਸੁਥਰੇ ਲਾਡਲੇ ਨੂੰ ਆਰਾਮ ਨਾਲ ਸੁੱਤਾ, ਖੇਡਦਾ ਦੇਖ ਕੇ ਖੁਸ਼ ਰਹੋਗੇ।

0 comments:
Post a Comment